Saturday, November 19, 2011

ਆ ਪੰਥ ਚਲਾਈਏ ਜਗਤ ਵਿੱਚ , ਇੱਕ ਤਾਜ਼ਾ ਅਤੇ ਤਰੀਨ

ਮੈਨੂੰ ਕੁਦਰਤ ਨੇ ਹੀ ਬਖਸ਼ 'ਤੀ , ਸੀ ਇੱਕ ਅੱਖ ਰੰਗੀਨ /

ਚੋਲਾ ਸੱਤ ਰੰਗਾ ਪੀਂਘ ਜਿਓਂ , ਕੋਈ ਝੂਟੇ ਸਾਉਣ ਮਹੀਨ /

ਓਹਨੂੰ ਪਹਿਨ ਪਹਿਨ ਨਹੀਂ ਰੱਜਦਾ , ਦਿਲ ਡਾਢਾ ਮੇਰਾ ਸ਼ੌਕੀਨ /

ਹੈ ਇਸ਼ਕੇ ਦਾ ਰੰਗ ਚਾੜ੍ਹਿਆ , ਅਸੀਂ ਸਾਹਾਂ ਵਿੱਚ ਪਰਵੀਨ /

ਘਿਰੀ ਰੰਗ ਰੰਗੀਲੇ ਚਿਹਰਿਆਂ ਵਿੱਚ ਧਰਤੀ ਅੱਜ ਹਸੀਨ /

ਤੂੰ ਵੀ ਸਾਨੂੰ ਬਖਸ਼ ਦੇ ਕੋਈ ਆਪਣਾ ਰੰਗ ਨਵੀਨ /

ਜਾ ਨਾਨਕ ਦੇ ਮੇਚ ਦੀ ਕੋਈ ਰੰਗਲੀ ਅਕਲ ਬੀਨ /

ਜੀਹਨੂੰ ਸੁਣ ਕੇ ਸ਼ੇਹਿਨਸ਼ਾਹ ਵੀ ਚੱਕ ਲਏ ਆਸ਼ਿਕ਼ੀ ਬੀਨ /

ਸਾਹਾਂ ਦੇ ਵਿੱਚ ਘੋਲ ਕੇ ਕੋਈ ਬ੍ਰਿੰਦਾਵਨ ਹਸੀਨ /

ਬੁੱਲ੍ਹਾਂ 'ਤੇ ਰੱਖ ਵੰਝਲੀ ਜਾਂ ਜੋਗੀ ਦੀ ਬੀਨ /

ਤੇ ਚੱਲ ਪਏ ਤਖ਼ਤ ਹਜ਼ਾਰਿਓਂ ਇੱਕ ਨਵਾਂ ਇਲਾਹੀ ਦੀਨ /

ਹਰ ਗਾਜ਼ੀ ਗੋਹਰ ਇਸ਼ਕ ਦਾ , ਮਾਸ਼ੂਕਾ ਹਰ ਨਗੀਨ /

ਪੰਥ ਚਲਾਈਏ ਜਗਤ ਵਿੱਚ , ਇੱਕ ਤਾਜ਼ਾ ਅਤੇ ਤਰੀਨ /

ਆਗਿਆ ਲੈ ਅਕਾਲ ਤੋਂ , ਇਹਦਾ ਪਰਚਮ ਰੰਗ ਰੰਗੀਨ /

ਰੰਗ ਹੋਵੇ ਹਰ ਇੱਕ ਚਸ਼ਮ ਦਾ , ਜੇ ਐਸਾ ਮਸਤ ਹਸੀਨ /

ਤਾਂ ਹਰ ਦਿਨ ਹੋਵੇ ਰੰਗਲਾ , ਹਰ ਰਾਤ ਹੋਵੇ ਰੰਗੀਨ /

ਇੱਕ ਦੂਰ ਰਬਾਬ ਪਈ ਵੱਜਦੀ , ਕੋਈ ਗਾਉਂਦਾ ਆਸ਼ਿਕ ਪੀਰ /

ਓਹਦੀ ਅੱਖਾਂ ਦੀ ਮਦਮਸਤੀ , ਤੈਨੂੰ 'ਵਾਜਾਂ ਮਾਰੇ ਹੀਰ /

ਓਹਦੇ ਨੈਣੀਂ ਸਰਵਰ ਤੈਰਦੇ , ਤੂੰ ਸੋਹਣੀਏ ਬੰਨ੍ਹ ਲੈ ਧੀਰ /

ਓਹਦੇ ਅੱਖ ਦੀ ਕਿਰਨ ਹੈ ਸਾਹਿਬਾ , ਮਿਰਜ਼ੇ ਦਾ ਅੰਬਰੀਂ ਤੀਰ /

ਤੂੰ ਕਮਲੀ ਬਣ 'ਜਾ ਓਸਦੀ , ਅੱਜ ਹੋ ਕੇ ਬੇਪਰਵਾਹ /

ਫਿਰ ਏਕ ਓਂਕਾਰੀ ਅੱਖ ਨਾਲ ਤੂੰ ਝਲਕ ਰਾਂਝਣ ਦੀ ਪਾ /

ਹੇ ਨੂਰਾਂ, ਹੇ ਧਰਤੀ ਜਾਈ , ਭਰ ਜੋਬਨ ਮੁਟਿਆਰ /

ਹੇ ਅੰਬਰੀਨਾ, ਗਗਨ ਪਰੀ, ਹੇ ਹੰਸਾਂ ਦੀ ਡਾਰ /

ਹੇ ਮਾਂ ਦੇ ਸੀਨੇ ਦੀ ਧੜਕਨ , ਹੇ ਇਸ਼ਕੇ ਦੀ ਤਾਰ /

ਹੇ ਬਾਬੇ ਦੀ ਬਾਣੀ ਦੀ ਰੂਹ, ਗੋਬਿੰਦ ਦੀ ਤਲਵਾਰ /

ਸੰਖ ਨਾਦ ਕਾਂਸੀ ਮਥੁਰਾ ਦਾ , ਕਾਬੇ ਦੀ ਕੋਈ ਅਜ਼ਾਨ /

ਪਰਬਤ ਤੇ ਉਪਦੇਸ਼ ਉਚਰਿਆ , ਜਾਂ ਗੀਤਾ ਦਾ ਗਿਆਨ /

ਜ਼ਹਿਰ ਪਿਆਲੇ ਵਿਚੋਂ ਵਗਦਾ ਇਸ਼ਕੇ ਦਾ ਪ੍ਰਵਾਹ /

ਜੀਹਨੂੰ ਪੀ ਕੇ ਨੂਰਾਂ ਸੋਹਣੀਏ , ਤੂੰ ਹੋ ਜਾ ਬੇ-ਪ੍ਰਵਾਹ /

ਸੋ ਰੰਗਾਂ ਵਿਚ ਡੁੱਬ ਕੇ ਇਕ ਨਵਾਂ ਰੰਗ ਬਣ ਜਾ /

ਕੋਈ ਨਵਾਂ ਸੰਖ ਬਣ ਜਾ , ਕੋਈ ਨਵਾਂ ਗ੍ਰੰਥ ਬਣ ਜਾ /

No comments: