Tuesday, May 29, 2018

ਪਿਆਰੀ ਅੰਜਨਾ ਨੂੰ ( Edited)

ਪਿਆਰੀ ਅੰਜਨਾ ਨੂੰ

ਕੁੜੀਏ ਸੱਚ  ਅਲਬੇਲੜਾ , ਤੱਕ ਅੱਖ  ਚ ਪਾ ਕੇ ਅੱਖ ,
 ਮਿਜ਼ਾਜੀ ਰੱਖ ਮੁਹੱਬਤਾਂ , ਵਿਚ ਨਾਮ ਖੁਮਾਰੀ  ਰੱਖ  /
ਵਿਚ ਨਾਮ ਖੁਮਾਰੀ ਰੱਖ    ਤੂੰ , ਫਿਰ ਇਸ਼ਕ਼ ਮਿਜਾਜ਼ੀ ਲਾ ,
ਨੀ , ਸੁਣ ਨੀ ਰਾਣੀ ਅੰਜਨਾ , ਤੂੰ ਲਿਆ ਨਿਰੰਜਨ ਫਾਅ  /
ਤੈਨੂੰ  ਤੱਕਦਾ ਵਿਚ  ਤ੍ਰਿੰਜਣਾਂ  , ਕਦੇ ਤੀਆਂ ਦੇ ਵਿਚ ਆ ,
ਕਦੇ ਤੀਆਂ ਦੇ ਵਿਚ ਆਣ ਕੇ , ਉਹ ਵੰਝਲੀ ਦਵੇ ਵਜਾ /
ਕਦੇ "ਵਾਹ ਸੱਜਣ "  ਤੈਨੂੰ  ਆਖ ਕੇ ਉਹ ਮੇਲੇ ਲਏ ਬੁਲਾ ,
ਕਿਤੇ  ਕੰਨ ਰਿਹਾ ਪੜਵਾ , ਕਿਤੇ   ਧੂਣੀ ਰਿਹਾ  ਰਮਾਅ  /
ਕਿਤੇ ਬਣ ਬਨਵਾਸੀ ਘੁਮਦਾ , ਕਿਤੇ ਚਿੱਲੇ ਰਿਹਾ ਚੜ੍ਹਾ ,
ਕਿਤੇ ਚੋਰੀ ਮੱਖਣ ਚੱਖਦਾ, ਕਿਤੇ ਚੀਰੇ  ਉਹ ਵੰਡਦਾ   /
ਕਿਤੇ ਅਲਫ ਹੁਸੈਨੀ ਚਮਕਦੀ , ਕਿਤੇ ਰਥ ਨੂੰ ਰਿਹਾ ਦੌੜਾ /
ਇਹ  ਯਾਰ ਤੇਰਾ ਮਸਤਾਨੜਾ, ਗਿਆ ਕਿਹੜੇ  ਦੇਸੋਂ ਆ /
ਕਿਓਂ ਵੰਝਲੀ ਰਿਹਾ ਵਜਾ , ਕਿਓਂ ਚਿੱਲੇ ਰਿਹਾ ਚੜ੍ਹਾ  /
ਵੇ ਸੱਜਣ  ਵਾਹ !
ਨੀ ਤੂੰ ਗੀਤ ਸੁਹੰਦੇ ਗਾਂਵਦੀ    , ਤੈਨੂੰ  ਲੱਕ ਲੱਕ ਚੜ੍ਹਿਆ  ਚਾ/
ਅੱਜ ਨੱਚ ਨੱਚ  ਧਰਤ ਹਿਲਾ, ਅੱਜ ਗਿਧਾ ਖੂੰਜੇ ਲਾ ,  /
ਤੂੰ  ਬਣ ਨਵਾਬਣ ਜਾ , ਅੱਜ  ਮਹਿਲੀਂ   ਨੱਚਦੀ  ਆ /
ਪਾ ਰੰਗ ਰੰਗੀਲੇ ਚੋਲ੍ੜੇ, ਤੇ ਗੀਤ ਸੁਹੰਦੜੇ  ਗਾ /
ਨੀ ਭੱਜ ਭੱਜ ਢਾਹ ਬਨੇਰਿਆਂ  ਨੂੰ  ਤੇ ਗੁੱਤਾਂ  ਲਹਿਰਾ/
ਤੇਨੂੰ ਲੱਖ ਲੱਖ  ਤੱਕਣ  ਹਿਰਨੀਆਂ , ਜਿਹਨਾਂ ਮਨ ਵਿਚ ਡਾਢਾ ਚਾਅ /
ਮਨ ਵਿਚ ਡਾਢਾ ਚਾਅ , ਕਿੰਝ  ਨੱਚਣ  ਤਾਲ ਮਿਲਾ /
ਉਹ ਤੋਲ ਤੋਲ ਪੱਬ  ਧਰਦੀਆਂ  ,  ਤੂੰ  ਉੱਡਦੀ ਨਾਲ ਹਵਾ /
ਤੇਰੀ ਟੂਣੇ ਹਾਰੀ ਅੱਖ  ਨੇ , ਲਏ  ਅੰਬਰੋਂ   ਪੰਛੀ ਲਾਹ /
ਤੂੰ  ਖੋਲ ਪਟਾਰੀ ਮਹਿਕ  ਦੀ , ਲਈ ਹੱਟ ਕਥੂਰੀ ਲਾ /
ਤੂੰ ਧਰਤੀ ਉਤੇ ਮਹਿਕਦੀ , ਫਿਰਦੋਸੀ ਇਤਰ ਫਿਜ਼ਾ /
ਤੇਰੇ  ਖੇਡਣ ਦੀ ਰੁੱਤ  ਆ ਗਈ, ਭਰ  ਜੋਬਨ ਨੂੰ ਛਲਕਾ /
ਲੱਖ  ਅੱਖ  ਮਟੱਕੇ  ਲਾ ,   ਨੱਚ ਹੋ ਕੇ  ਬੇ ਪ੍ਰਵਾਹ /
ਤੇ ਰੱਬ ਨਾਲ ਮਥਾ ਲਾ , ਦੇ ਅੰਬਰ ਤਾਈਂ ਡਰਾ /
ਤੇਰੇ ਬੁੱਲਾਂ  ਤੋਂ ਰਸ ਵਰਸਦਾ , ਹੈ ਰਬੀ ਸ਼ਹਿਦ   ਜਿਹਾ /
ਲੱਖ ਖਿਲਦੇ  ਫੁੱਲ  ਗੁਲਾਬ ਦੇ , ਤੇਰੇ ਹੋਠਾਂ ਉਤੇ ਆ /
ਤੂੰ ਉੱਤਰੀ  ਪਰੀ ਆਕਾਸ਼ ਤੋਂ, ਤੇ ਬੈਠੀ ਚਰਖਾ ਡਾਹ
ਕੋਈ ਜੱਟੀ ਚੱਲੇ ਖੇਤ ਵੱਲ , ਲੈ ਜੱਟ ਲਈ ਵੇਲਾ ਸ਼ਾਹ / /
ਤੇ  ਗੁੱਡੇ  ਸਬ੍ਜ਼ ਕਿਆਰੀਆਂ , ਅੱਲੜ੍ਹ ਪੰਜਾਬਣ ਜਾ /
ਯਾ ਸੂਫੀ ਸੰਤ ਫ਼ਕੀਰ ਦੀ , ਤੂੰ  ਪਹਿਲੀ   ਪਾਕ ਦੁਆ /
ਕਿਸੇ  ਕਵੀ ਦੀ ਨਾਜ਼ਕ ਕਲਪਣਾ ,  ਸੂਰੇ ਦੀ ਖੜਗ ਭੁਜਾ //
ਜਾਂ ਜੋਤ ਮੰਦਰ ਮਸਕੀਨ ਦੀ , ਤੇਰਾ ਹੁਸਨ ਹੈ ਸ਼ਹਿਨਸ਼ਾਹ  /
ਹੈ ਸਭ ਕੁਝ ਤੂੰ ਹੀ ਸੋਹਣੀਏ , ਤੇ ਸਭ ਕੁਝ ਹੀ ਤੇਰਾ /
ਹਾਂ ਇਹ ਤਾਂ ਤੇਰਾ ਸਭ ਹੈ , ਪਰ ਹੋਰ ਭੀ ਬਹੁਤ ਤੇਰਾ /
ਤੇਰੇ ਮਨ ਵਿਚ ਜੋ ਗੰਗੋਤਰੀ , ਰਹੀ ਰੱਬੀ ਨੂਰ ਬਹਾ /
ਤੇਰੇ ਸੀਨੇ ਅਨਹਦ ਵੱਜਦਾ  , ਤੂੰ  ਕਲਮ ਤੂੰ  ਹੀ ਕਲਮਾ /
ਕਰ ਮਾਣ ਹੁਸਨ ਪੱਟਰਾਣੀਏ , ਤੇ ਕਰੀ ਜਾ ਦਿਲ ਲਗੀਆਂ /
ਪਰ ਚੰਦਨ ਦੀ ਪਾਲਕੀ ਵਿਚ ਸਚ ਦਾ ਲਾਲ ਖਿਲਾ /
ਤੇਰੇ ਹੱਕ  ,ਚ ਪੰਜੇ ਪੀਰ ਵੀ , ਹੁਣ ਗਏ  ਕਚਿਹਰੀ  ਆ /
ਹੁਣ ਕੱਤ  ਲੈ ਤੂੰ ਸਭ ਪੂਣੀਆਂ, ਵਿਚ ਕੁਟੀਆ ਚਰਖਾ ਡਾਹ /
ਫਿਰ ਕੰਬਲੀ ਬੁਣ ਸਰਕਾਰ ਦੀ , ਤੇ ਬਹੀਂ ਮਦੀਨੇ ਜਾ /

ਫਿਰ ਦਿਨੇ ਰਾਤ ਪਈ ਸੁਣੇਗੀ , ਤੂੰ ਇਕ ਰਬਾਬੀ ਗੀਤ /
ਇਕ ਆਸ਼ਿਕ਼ ਬੇਪਰਵਾਹ ਦਾ ,  ਜੀਹਦੇ   ਸਾਹਾਂ ਵਿਚ ਪ੍ਰੀਤ /
ਜੋ ਨੂਰ-ਓ- ਨੂਰ  ਬਰਸਾਂਵਦਾ, ਜੋ  ਮੱਕੇ  ਤੱਕ  ਘੁਮਾਵਂਦਾ/
ਕੌਡਿਆਂ   ਨੂੰ ਵੀ ਗਲ  ਲਾਂਵਦਾ  , ਸੱਜਣ  ਨੂੰ ਸ-ਜਨ  ਬਣਾਂਵਦਾ/
ਜਿਹੜਾ  ਹਰ ਘਰ ਅਲਖ ਜਗਾਂਵਦਾ  , ਜਿਹੜਾ  ਪਾਂਧੇ ਤਾਈਂ  ਪੜਾਂਵਦਾ  /
ਜਿਹੜਾ  ਟੇਕ ਨਿਰੰਜਣ ਲਾਂਵਦਾ  , ਬਸ ਇਕੋ ਇੱਕ  ਧਿਆਵਂਦਾ/
ਤੂੰ ਬਣ ਜਾ ਉਹਦੀ ਮੀਤ   ਕੁੜੇ, ਤੇਰੀ ਤੋੜ ਚੜ੍ਹੇ  ਹੁਣ ਪ੍ਰੀਤ ਕੁੜੇ /
ਹੈ ਜੋਗੀ ਢੋੰਗ ਰਚਾਇਆ ਜੋ, ਇਹ ਓਹਦੀ ਪ੍ਰੀਤ ਦੀ ਰੀਤ ਕੁੜੇ /
ਅੰਜਨਾ ਹੈ ਬਣ ਨਿਰੰਜਨ ਤੂੰ , ਮੇਰੀ ਹਾਰ ਚ ਤੇਰੀ ਜੀਤ ਕੁੜੇ /
ਪਰ ਰੰਗਲੇ ਮੀਤ ਗਵਾੰਈ ਨਾ , ਚੋਲੇ ਭੜਕੀਲੇ ਲਾਹੀਂ ਨਾ /
ਅੰਜਨ ਵੀ ਤੂੰ , ਨਿਰੰਜਣ ਤੂੰ   ਕਿਤੇ   ਵੇਖੀਂ ਇਹ ਭੁੱਲ ਜਾਈਂ ਨਾ /

1 comment:

b&b said...

Perhaps one of your best, if not the best.