ਮੈਨੂੰ ਕੁਦਰਤ ਨੇ ਹੀ ਬਖਸ਼ 'ਤੀ , ਸੀ ਇੱਕ ਅੱਖ ਰੰਗੀਨ /
ਚੋਲਾ ਸੱਤ ਰੰਗਾ ਪੀਂਘ ਜਿਓਂ , ਕੋਈ ਝੂਟੇ ਸਾਉਣ ਮਹੀਨ /
ਓਹਨੂੰ ਪਹਿਨ ਪਹਿਨ ਨਹੀਂ ਰੱਜਦਾ , ਦਿਲ ਡਾਢਾ ਮੇਰਾ ਸ਼ੌਕੀਨ /
ਹੈ ਇਸ਼ਕੇ ਦਾ ਰੰਗ ਚਾੜ੍ਹਿਆ , ਅਸੀਂ ਸਾਹਾਂ ਵਿੱਚ ਪਰਵੀਨ /
ਘਿਰੀ ਰੰਗ ਰੰਗੀਲੇ ਚਿਹਰਿਆਂ ਵਿੱਚ ਧਰਤੀ ਅੱਜ ਹਸੀਨ /
ਆ ਤੂੰ ਵੀ ਸਾਨੂੰ ਬਖਸ਼ ਦੇ ਕੋਈ ਆਪਣਾ ਰੰਗ ਨਵੀਨ /
ਜਾ ਨਾਨਕ ਦੇ ਮੇਚ ਦੀ ਕੋਈ ਰੰਗਲੀ ਅਕਲ ਬੀਨ /
ਜੀਹਨੂੰ ਸੁਣ ਕੇ ਸ਼ੇਹਿਨਸ਼ਾਹ ਵੀ ਚੱਕ ਲਏ ਆਸ਼ਿਕ਼ੀ ਬੀਨ /
ਸਾਹਾਂ ਦੇ ਵਿੱਚ ਘੋਲ ਕੇ ਕੋਈ ਬ੍ਰਿੰਦਾਵਨ ਹਸੀਨ /
ਬੁੱਲ੍ਹਾਂ 'ਤੇ ਰੱਖ ਵੰਝਲੀ ਜਾਂ ਜੋਗੀ ਦੀ ਬੀਨ /
ਤੇ ਚੱਲ ਪਏ ਤਖ਼ਤ ਹਜ਼ਾਰਿਓਂ ਇੱਕ ਨਵਾਂ ਇਲਾਹੀ ਦੀਨ /
ਹਰ ਗਾਜ਼ੀ ਗੋਹਰ ਇਸ਼ਕ ਦਾ , ਮਾਸ਼ੂਕਾ ਹਰ ਨਗੀਨ /
ਆ ਪੰਥ ਚਲਾਈਏ ਜਗਤ ਵਿੱਚ , ਇੱਕ ਤਾਜ਼ਾ ਅਤੇ ਤਰੀਨ /
ਆਗਿਆ ਲੈ ਅਕਾਲ ਤੋਂ , ਇਹਦਾ ਪਰਚਮ ਰੰਗ ਰੰਗੀਨ /
ਰੰਗ ਹੋਵੇ ਹਰ ਇੱਕ ਚਸ਼ਮ ਦਾ , ਜੇ ਐਸਾ ਮਸਤ ਹਸੀਨ /
ਤਾਂ ਹਰ ਦਿਨ ਹੋਵੇ ਰੰਗਲਾ , ਹਰ ਰਾਤ ਹੋਵੇ ਰੰਗੀਨ /
ਇੱਕ ਦੂਰ ਰਬਾਬ ਪਈ ਵੱਜਦੀ , ਕੋਈ ਗਾਉਂਦਾ ਆਸ਼ਿਕ ਪੀਰ /
ਓਹਦੀ ਅੱਖਾਂ ਦੀ ਮਦਮਸਤੀ , ਤੈਨੂੰ 'ਵਾਜਾਂ ਮਾਰੇ ਹੀਰ /
ਓਹਦੇ ਨੈਣੀਂ ਸਰਵਰ ਤੈਰਦੇ , ਤੂੰ ਸੋਹਣੀਏ ਬੰਨ੍ਹ ਲੈ ਧੀਰ /
ਓਹਦੇ ਅੱਖ ਦੀ ਕਿਰਨ ਹੈ ਸਾਹਿਬਾ , ਮਿਰਜ਼ੇ ਦਾ ਅੰਬਰੀਂ ਤੀਰ /
ਤੂੰ ਕਮਲੀ ਬਣ 'ਜਾ ਓਸਦੀ , ਅੱਜ ਹੋ ਕੇ ਬੇਪਰਵਾਹ /
ਫਿਰ ਏਕ ਓਂਕਾਰੀ ਅੱਖ ਨਾਲ ਤੂੰ ਝਲਕ ਰਾਂਝਣ ਦੀ ਪਾ /
ਹੇ ਨੂਰਾਂ, ਹੇ ਧਰਤੀ ਜਾਈ , ਭਰ ਜੋਬਨ ਮੁਟਿਆਰ /
ਹੇ ਅੰਬਰੀਨਾ, ਗਗਨ ਪਰੀ, ਹੇ ਹੰਸਾਂ ਦੀ ਡਾਰ /
ਹੇ ਮਾਂ ਦੇ ਸੀਨੇ ਦੀ ਧੜਕਨ , ਹੇ ਇਸ਼ਕੇ ਦੀ ਤਾਰ /
ਹੇ ਬਾਬੇ ਦੀ ਬਾਣੀ ਦੀ ਰੂਹ, ਗੋਬਿੰਦ ਦੀ ਤਲਵਾਰ /
ਸੰਖ ਨਾਦ ਕਾਂਸੀ ਮਥੁਰਾ ਦਾ , ਕਾਬੇ ਦੀ ਕੋਈ ਅਜ਼ਾਨ /
ਪਰਬਤ ਤੇ ਉਪਦੇਸ਼ ਉਚਰਿਆ , ਜਾਂ ਗੀਤਾ ਦਾ ਗਿਆਨ /
ਜ਼ਹਿਰ ਪਿਆਲੇ ਵਿਚੋਂ ਵਗਦਾ ਇਸ਼ਕੇ ਦਾ ਪ੍ਰਵਾਹ /
ਜੀਹਨੂੰ ਪੀ ਕੇ ਨੂਰਾਂ ਸੋਹਣੀਏ , ਤੂੰ ਹੋ ਜਾ ਬੇ-ਪ੍ਰਵਾਹ /
ਸੋ ਰੰਗਾਂ ਵਿਚ ਡੁੱਬ ਕੇ ਇਕ ਨਵਾਂ ਰੰਗ ਬਣ ਜਾ /
ਕੋਈ ਨਵਾਂ ਸੰਖ ਬਣ ਜਾ , ਕੋਈ ਨਵਾਂ ਗ੍ਰੰਥ ਬਣ ਜਾ /
No comments:
Post a Comment